ਡਿਪਟੀ ਕਮਿਸ਼ਨਰ ਸ੍ਰੀ ਅਕਾਸ਼ ਬੰਸਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਫੂਡ ਸੇਫਟੀ ਵਿੰਗ ਕਪੂਰਥਲਾ ਵੱਲੋਂ ਗੁਰਪੁਰਬ ਦੀ ਆਮਦ ਦੇ ਮੱਦੇਨਜ਼ਰ ਸੁਲਤਾਨਪੁਰ ਲੋਧੀ ਇਲਾਕੇ ਵਿੱਚ ਚੈਕਿੰਗ;

ਕਪੂਰਥਲਾ, 13 ਨਵੰਬਰ: (ਲਾਡੀ, ਦੀਪ ਚੋਧਰੀ, ੳਪੀ ਚੋਧਰੀ)
ਸ੍ਰੀ ਅਕਾਸ਼ ਬੰਸਲ, ਮਾਣਯੋਗ ਡਿਪਟੀ ਕਮਿਸ਼ਨਰ, ਕਪੂਰਥਲਾ, ਡਾਕਟਰ ਰਾਜੀਵ ਪਰਾਸ਼ਰ, ਸਿਵਿਲ ਸਰਜਨ, ਕਪੂਰਥਲਾ ਅਤੇ ਸ਼੍ਰੀਮਤੀ ਸ਼ੁਭੀ ਆਂਗਰਾ, ਸਬ ਡਿਵੀਜ਼ਨਲ ਮੈਜਿਸਟ੍ਰੇਟ, ਸੁਲਤਾਨਪੁਰ ਲੋਧੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਗੁਰਪੁਰਬ ਦੀ ਆਮਦ ਦੇ ਮੱਦੇਨਜ਼ਰ ਵਿਸ਼ੇਸ਼ ਚੈਕਿੰਗ ਕੀਤੀ ਗਈ। ਇਸ ਤਹਿਤ ਫੂਡ ਸੇਫਟੀ ਵਿੰਗ, ਕਪੂਰਥਲਾ ਵੱਲੋਂ ਸੁਲਤਾਨਪੁਰ ਲੋਧੀ ਵਿੱਚ ਫਾਸਟ ਫ਼ੂਡ ਦੀਆਂ ਰੇਹੜੀਆਂ ਅਤੇ ਹੋਰ ਖਾਣ ਪੀਣ ਦਾ ਸਮਾਨ ਵੇਚਣ ਵਾਲੇ ਫ਼ੂਡ ਬਿਜ਼ਨਸ ਓਪਰੇਟਰਾਂ ਨੂੰ ਨਿਜੀ ਸਾਫ ਸਫਾਈ ਦੇ ਨਾਲ ਅਦਾਰੇ ਅਤੇ ਇਸਦੇ ਆਲੇ ਦੁਆਲੇ ਸਫਾਈ ਰੱਖਣ ਦੀ ਹਦਾਇਤ ਜਾਰੀ ਕੀਤੀ ਗਈ। ਅਤੇ ਫ਼ੂਡ ਬਿਜ਼ਨੇਸ ਓਪਰੇਟਰਾਂ ਨੂੰ ਸਿਰ ਤੇ ਟੋਪੀ, ਦਸਤਾਨੇ ਅਤੇ ਐਪਰਨ ਪਾਉਣ ਅਤੇ ਨਾਲ ਹੀ ਢੱਕਣ ਵਾਲੇ ਡਸਟ ਬਿਨ ਇਸਤੇਮਾਲ ਕਰਨ ਲਈ ਕਿਹਾ ਗਿਆ ।
ਫ਼ੂਡ ਵਿੰਗ ਨੇ ਸਮੂਹ ਫੂਡ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਉਹ ਉੱਚ ਗੁਣਵੱਤਾ ਵਾਲਾ ਮਾਲ ਹੀ ਵਰਤਣ, ਖਾਧ ਪਦਾਰਥ ਸਾਫ਼-ਸੁਥਰੇ ਅਤੇ ਸਵੱਛ ਵਾਤਾਵਰਣ ਵਿੱਚ ਤਿਆਰ ਕਰਨ ਅਤੇ ਤਿਆਰ ਖਾਧ ਸਮੱਗਰੀ ਨੂੰ ਹਰ ਸਮੇਂ ਢੱਕ ਕੇ ਰੱਖਣ, ਤਾਂ ਜੋ ਆਮ ਲੋਕਾਂ ਨੂੰ ਸੁਰੱਖਿਅਤ, ਸ਼ੁੱਧ ਅਤੇ ਮਿਆਰੀ ਖਾਧ ਪਦਾਰਥ ਉਪਲਬਧ ਕਰਵਾਏ ਜਾ ਸਕਣ।
ਟੀਮ ਵੱਲੋਂ ਮੌਕੇ 'ਤੇ ਸਮੂਹ ਕਾਰੋਬਾਰੀਆਂ ਨੂੰ ਸਖ਼ਤ ਹਦਾਇਤ ਦਿੱਤੀ ਗਈ ਕਿ ਦੁਕਾਨਾਂ ਅਤੇ ਰਸੋਈ ਵਿੱਚ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਇਸ ਦੇ ਨਾਲ ਹੀ ਸਾਰਾ ਸਾਮਾਨ ਅਤੇ ਕੱਚਾ ਮਾਲ ਕੇਵਲ ਪੱਕੇ ਬਿੱਲ 'ਤੇ ਹੀ ਖਰੀਦਿਆ ਜਾਵੇ ਤਾਂ ਜੋ ਸਮੱਗਰੀ ਦੇ ਸਹੀ ਸਰੋਤ ਦੀ ਪਛਾਣ ਹੋ ਸਕੇ।
ਦੁਕਾਨਦਾਰਾਂ ਨੂੰ ਸਪੱਸ਼ਟ ਕੀਤਾ ਗਿਆ ਕਿ ਖਾਣੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਕਲੀ ਜਾਂ ਗੈਰ-ਮਨਜ਼ੂਰਸ਼ੁਦਾ ਰੰਗਾਂ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਹੈ। ਖਾਣਾ ਤਿਆਰ ਕਰਨ ਲਈ ਕੇਵਲ ਸਾਫ਼-ਸੁਥਰੇ ਪਾਣੀ ਦੀ ਹੀ ਵਰਤੋਂ ਕੀਤੀ ਜਾਵੇ।
ਕਿਸੇ ਵੀ ਦੁਕਾਨ ਵਿੱਚ ਵੇਚੇ ਜਾ ਰਹੇ ਖਾਧ ਪਦਾਰਥ ਦੀ ਗੁਣਵੱਤਾ ਦੀ ਜ਼ਿੰਮੇਵਾਰੀ ਸਬੰਧਤ ਫੂਡ ਬਿਜ਼ਨਸ ਆਪਰੇਟਰ (FBO) ਦੀ ਹੋਵੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਆਉਣ ਵਾਲੇ ਦਿਨਾਂ ਵਿੱਚ ਸਖ਼ਤ ਕਾਨੂੰਨੀ ਕਾਰਵਾਈ ਜਾਰੀ ਰਹੇਗੀ।
ਮਾਨਯੋਗ ਡਿਪਟੀ ਕਮਿਸ਼ਨਰ ਜੀ ਵਲੋਂ ਸਮੂਹ ਫੂਡ ਕਾਰੋਬਾਰੀਆਂ ਨੂੰ ਉਕਤ ਹਦਾਇਤਾਂ ਦੀ ਪਾਲਣਾ ਅਤੇ ਸਹਿਯੋਗ ਦੀ ਅਪੀਲ ਕੀਤੀ ਤਾਂ ਜੋ ਗੁਰਪੁਰਬ ਪੂਰਨ ਸਤਿਕਾਰ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਸਕੇ|

Post a Comment

0 Comments