Top News

ਆਹਲੀ ਦੇ ਟੁੱਟੇ ਆਰਜ਼ੀ ਬੰਨ੍ਹ ਦਾ ਪਾਣੀ ਰੋਕਣ ਲਈ ਰਿੰਗ ਬੰਨ੍ਹਿਆ

ਸੁਲਤਾਨਪੁਰਲੋਧੀ,23ਸਤੰਬਰ(ਲਾਡੀ,ਦੀਪਚੋਧਰੀ,ਉ.ਪੀ.ਚੋਧਰੀ )ਮੰਡ ਇਲਾਕੇ ਵਿੱਚ ਆਹਲੀ ਖੁਰਦ ਨੇੜੇਓ ਪੌਣਾ ਕਿਲੋਮੀਟਰ ਲੰਮੇ ਟੁੱਟੇ ਆਰਜੀ ਬੰਨ੍ਹ ਨੂੰ ਅੱਜ ਰਿੰਗ ਬੰਨ੍ਹ ਕੱੁਝ ਘੰਟਿਆਂ ਵਿੱਚ ਬੰਨ੍ਹ ਦਿੱਤਾ ਗਿਆ ਹੈ। ਇਹ ਰਿੰਗ ਬੰਨ੍ਹ ਅੱਜ ਲੋਕਾਂ ਦੇ ਸਾਂਝੇ ਸਹਿਯੋਗ ਨਾਲ ਬੱਝ ਗਿਆ ਹੈ। ਇਹ ਬੰਨ੍ਹ ਟੁੱਟਣ ਨਾਲ ਮੰਡ ਇਲਾਕੇ ਵਿੱਚ ਲਗਭੱਗ 25 ਤੋਂ 30 ਹਜ਼ਾਰ ਏਕੜ ਝੋਨੇ ਦੀ ਫ਼ਸਲ ਤਬਾਹ ਹੋ ਗਈ ਸੀ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਬਾਅਦ ਦੁਪਹਿਰ ਰਿੰਗ ਬੰਨਣ ਦੀ ਸ਼ੁਰੂਆਤ ਕੀਤੀ ਸੀ। ਰਿੰਗ ਬੰਨ੍ਹ ਬੱਝਣ ਨਾਲ ਬਿਆਸ ਦਰਿਆ ਦਾ ਪਾਣੀ ਖੇਤਾਂ ਵੱਲ ਜਾਣ ਤੋਂ ਰੁਕ ਗਿਆ ਹੈ।ਪਿੰਡ ਆਹਲੀ ਕਲਾਂ ਦੇ ਸਰਪੰਚ ਸਮਸ਼ੇਰ ਸਿੰਘ ਨੇ ਦੱਸਿਆ ਕਿ ਲੰਘੀ 24 ਅਗਸਤ ਨੂੰ ਆਹਲੀ ਖੁਰਦ ਨੇੜੇਓ ਇਹ ਆਰਜ਼ੀ ਬੰਨ੍ਹ ਟੁੱਟ ਗਿਆ ਸੀ। ਇਸ ਬੰਨ੍ਹ ਨੂੰ ਬਚਾਉਣ ਲਈ ਇਲਾਕੇ ਦੇ ਲੋਕ ਜੁਲਾਈ ਤੋਂ ਹੀ ਭਾਰੀ ਮੁਸ਼ਕੱਤ ਕਰ ਰਹੇ ਸਨ। ਜਦੋਂ 24 ਅਗਸਤ ਦੀ ਸਵੇਰ ਨੂੰ ਇਹ ਬੰਨ੍ਹ ਟੁੱਟਾ ਸੀ ਤਾਂ ਉਥੇ ਬੰਨ੍ਹ ਨੂੰ ਬਚਾਉਣ ਵਿੱਚ ਲੱਗੇ ਕਿਸਾਨਾਂ ਦੀਆਂ ਧਾਹਾਂ ਨਿਕਲ ਗਈਆਂ ਸਨ। ਬੰਨ੍ਹ ਟੁੱਟਣ ਦੀ ਵੀਡੀਓ ਏਨੀ ਤੇਜ਼ੀ ਨਾਲ ਵਾਈਰਲ ਹੋਈ ਸੀ ਕਿ ਪੰਜਾਬ ਸਮੇਤ ਦੁਨੀਆਂ ਭਰ ਵਿੱਚੋਂ ਹਮਦਰਦੀ ਦੇ ਸੁਨੇਹੇ ਆਉਣ ਲੱਗ ਪਏ ਸਨ ਤੇ ਲੋਕਾਂ ਨੇ ਬਿਨ੍ਹਾਂ ਕਿਸੇ ਦੀ ਉਡੀਕ ਕੀਤਿਆਂ ਬੰਨ੍ਹ ਨੂੰੰ ਬੰਨ੍ਹਣ ਵਾਸਤੇ ਮਿੱਟੀ ਦੀਆਂ ਟਰਾਲੀਆਂ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਪਿੰਡ ਆਹਲੀ ਕਲਾਂ ਦੇ ਗੁਰਦੁਆਰਾ ਸਾਹਿਬ ਨੇੜੇ ਮਿੱਟੀ ਵੱਡੇ ਪੱਧਰ ‘ਤੇ ਇੱਕਠੀ ਕੀਤੀ ਗਈ ਸੀ।
ਸ਼ਮਸ਼ੇਰ ਸਿੰਘ ਅਤੇ ਜੱਥੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਹਾਲ ਦੀ ਘੜੀ ਰਿੰਗ ਬੰਨ੍ਹ ਬੰਨ੍ਹਿਆ ਗਿਆ ਹੈ। ਆਰਜ਼ੀ ਬੰਨ੍ਹ ਨੂੰ ਪਾਣੀ ਘੱਟਣ ‘ਤੇ ਸ਼ੁਰੂ ਕੀਤਾ ਜਾਵੇਗਾ। ਉਹਨਾਂ ਇਸ ਗੱਲ ਦਾ ਵੀ ਉਚੇਚਾ ਜ਼ਿਕਰ ਕੀਤਾ ਕਿ ਇਸਤੋਂ ਪਹਿਲਾਂ ਬਾਊਪੁਰ ਦੇ ਬੰਨ੍ਹ ਨੂੰ ਵੀ ਸੰਗਤਾਂ ਦੇ ਸਹਿਯੋਗ ਨਾਲ ਬੰਨ੍ਹ ਦਿੱਤਾ ਗਿਆ ਸੀ। ਇਸ ਪਾੜ ਤੱਕ ਪਹੁੰਚਣ ਲਈ ਆਰਜ਼ੀ ਨੂੰ ਮਜ਼ਬੂਤ ਵੀ ਕੀਤਾ ਗਿਆ। ਸਾਰੇ ਰਸਤੇ ‘ਤੇ ਮਿੱਟੀ ਪਾ ਕੇ ਪਾੜ ਤੱਕ ਪਹੁੰਚਣ ਲਈ ਰਸਤਾ ਸੁਖਾਲਾ ਬਣਾਇਆ ਗਿਆ ਸੀ।
ਜ਼ਿਕਰਯੋਗ ਇਸ ਬੰਨ੍ਹ ਬੰਨ੍ਹਣ ਵਾਸਤੇ ਸੰਪ੍ਰਦਾਇ ਦਲ ਬਾਬਾ ਬਿੱਧੀ ਚੰਦ ਜੀ, ਦੇ ਮੁਖ ਸੇਵਾਦਾਰ ਸੰਤ ਅਵਤਾਰ ਸਿੰਘ ਜੀ,ਬਾਬਾ ਸੁੱਖਾ ਸਿੰਘ ਜੀ ਸਰਹਾਲੀ ਸਾਹਿਬ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵਾਲਿਆਂ ਦੀ ਅਗਵਾਈ ਹੇਠ ਆਹਲੀ ਕਲਾਂ ਅਤੇ ਆਹਲੀ ਖੁਰਦ ਦੇ ਪਿੰਡਾਂ ਸਮੇਤ ਮੰਡ ਦੇ ਹੋਰ ਇਲਾਕਿਆਂ ਦੀ ਸੰਗਤ ਨੇ ਸਰਗਰਮ ਭੂਮਿਕਾ ਨਿਭਾਈ।


Post a Comment

Previous Post Next Post