Top News

ਕਪੂਰਥਲਾ: ਸੁਲਤਾਨਪੁਰ ਲੋਧੀ ਵਿੱਚ ਚੇਅਰਮੈਨੀ ਚੋਣ ਬਣੀ ਜੰਗ ਦਾ ਮੈਦਾਨ, ਗੋਲੀਬਾਰੀ ਨਾਲ ਹਾਲਾਤ ਤਣਾਅਪੂਰਨਕੈਂਡੀਡੇਟ ਅਗਵਾ ਕਰਨ ਦੇ ਦੋਸ਼, ਦਫਤਰ ਦਾਖਲੇ 'ਤੇ ਰੋਕ – ਦੋਵਾਂ ਧੜਿਆਂ ਵੱਲੋਂ ਤਿੱਖੇ ਇਲਜ਼ਾਮ, ਪ੍ਰਸ਼ਾਸਨ ਨੇ ਚੋਣ ਕੀਤੀ ਮੁਲਤਵੀ

ਕਪੂਰਥਲਾ,1ਐਪ੍ਲ,( ਲਾਡੀ,ਦੀਪ ਚੋਧਰੀ,ਉਪੀ ਚੋਧਰੀ)
ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਜੋਨ ਫੱਤੂ ਢਿੰਗਾ ਵਿੱਚ ਬਲਾਕ ਸੰਮਤੀ ਦੀ ਚੇਅਰਮੈਨੀ ਚੋਣ ਅੱਜ ਹੰਗਾਮੇ ਅਤੇ ਹਿੰਸਾ ਦੀ ਭੇਂਟ ਚੜ੍ਹ ਗਈ। ਬਲਾਕ ਸੰਮਤੀ ਦਫਤਰ ਢਿਲਵਾਂ ਵਿਖੇ ਹੋਣ ਵਾਲੀ ਚੋਣ ਤੋਂ ਪਹਿਲਾਂ ਹੀ ਮਾਹੌਲ ਇਸ ਕਦਰ ਗਰਮ ਹੋ ਗਿਆ ਕਿ ਸਿਆਸੀ ਟਕਰਾਅ ਨੇ ਅਚਾਨਕ ਹਿੰਸਕ ਰੂਪ ਧਾਰ ਲਿਆ ਅਤੇ ਗੋਲੀਬਾਰੀ ਦੀ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ।
ਮਿਲੀ ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ਅਤੇ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਧੜੇ ਵਿਚਾਲੇ ਤਣਾਅ ਕਾਫੀ ਸਮੇਂ ਤੋਂ ਬਣਿਆ ਹੋਇਆ ਸੀ, ਜੋ ਅੱਜ ਚੋਣ ਮੌਕੇ ਫੱਟ ਪਿਆ। ਦੋਵਾਂ ਧੜਿਆਂ ਦੇ ਸਮਰਥਕਾਂ ਵਿਚਾਲੇ ਤਿੱਖੀ ਝੜਪ ਹੋਈ, ਜਿਸ ਦੌਰਾਨ ਹਾਲਾਤ ਇੰਨੇ ਬੇਕਾਬੂ ਹੋ ਗਏ ਕਿ ਗੋਲੀ ਚੱਲਣ ਦੀਆਂ ਖਬਰਾਂ ਸਾਹਮਣੇ ਆਈਆਂ।
ਰਾਣਾ ਇੰਦਰ ਪ੍ਰਤਾਪ ਸਿੰਘ ਨੇ ਪ੍ਰਸ਼ਾਸਨ ਅਤੇ ਵਿਰੋਧੀ ਧੜੇ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨਾਲ ਸਿੱਧੀ ਧੱਕੇਸ਼ਾਹੀ ਕੀਤੀ ਗਈ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਬਲਾਕ ਸੰਮਤੀ ਮੈਂਬਰਾਂ ਨੂੰ ਅਗਵਾ ਕੀਤਾ ਗਿਆ, ਕੁਝ ਮੈਂਬਰਾਂ ਨੂੰ ਜਬਰਦਸਤੀ ਦਫਤਰ ਅੰਦਰ ਜਾਣ ਤੋਂ ਰੋਕਿਆ ਗਿਆ ਅਤੇ ਲੋਕਤੰਤਰਕ ਹੱਕਾਂ ਨੂੰ ਕੁਚਲਾ ਗਿਆ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਕਾਰਕੁਨ  ਵੱਲੋਂ ਗੋਲੀਬਾਰੀ ਕੀਤੀ ਗਈ, ਜਿਸ ਨਾਲ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਡਿੱਗ ਗਈ ਹੈ।
ਦੂਜੇ ਪਾਸੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰਦਿਆਂ ਕਿਹਾ ਕਿ ਰਾਣਾ ਪਰਿਵਾਰ ਖੁਦ ਲੰਮੇ ਸਮੇਂ ਤੋਂ ਧੱਕੇਸ਼ਾਹੀ ਕਰਦਾ ਆ ਰਿਹਾ ਹੈ ਅਤੇ ਅੱਜ ਵੀ ਉਨ੍ਹਾਂ ਵੱਲੋਂ ਹੀ ਮਾਹੌਲ ਖਰਾਬ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਗੋਲੀਬਾਰੀ ਦੀ ਘਟਨਾ ਵਿੱਚ ਵੀ ਰਾਣਾ ਧੜੇ ਦੀ ਹੀ ਭੂਮਿਕਾ ਹੈ। ਚੀਮਾ ਨੇ ਇਹ ਵੀ ਦਾਅਵਾ ਕੀਤਾ ਕਿ ਰਾਣਾ ਧੜੇ ਦੇ ਕੁਝ ਮੈਂਬਰ ਆਮ ਆਦਮੀ ਪਾਰਟੀ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਕਾਰਨ ਉਹਨਾਂ ਵਿੱਚ ਘਬਰਾਹਟ ਅਤੇ ਬੁਖਲਾਹਟ ਦੇ ਚਲਦੇ ਇਹ ਤਣਾਅ ਪੈਦਾ ਕੀਤਾ ਗਿਆ।
ਹਾਲਾਤਾਂ ਦੀ ਗੰਭੀਰਤਾ ਨੂੰ ਦੇਖਦਿਆਂ ਐਸਡੀਐਮ ਇਰਵਿਨ ਕੌਰ ਨੇ ਤੁਰੰਤ ਫੈਸਲਾ ਲੈਂਦਿਆਂ ਚੋਣ ਪ੍ਰਕਿਰਿਆ ਨੂੰ ਮੁਲਤਵੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮਾਹੌਲ ਪੂਰੀ ਤਰ੍ਹਾਂ ਸ਼ਾਂਤ ਨਹੀਂ ਹੁੰਦਾ, ਚੋਣ ਨਹੀਂ ਕਰਵਾਈ ਜਾਵੇਗੀ।
ਉਧਰ ਐਸਪੀ ਹਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੁਲਿਸ ਵੱਲੋਂ ਪਹਿਲਾਂ ਹੀ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ, ਪਰ ਅਚਾਨਕ ਵਾਪਰੀ ਇਸ ਘਟਨਾ ਨੂੰ ਲੈ ਕੇ ਹੁਣ ਵੱਖ-ਵੱਖ ਪਹਿਲੂਆਂ ਤੋਂ ਗੰਭੀਰ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਮੌਕੇ ‘ਤੇ ਭਾਰੀ ਪੁਲਿਸ ਬਲ ਤੈਨਾਤ ਕਰ ਦਿੱਤਾ ਗਿਆ ਹੈ ਅਤੇ ਪੂਰੇ ਇਲਾਕੇ ਨੂੰ ਸੁਰੱਖਿਆ ਘੇਰੇ ਵਿੱਚ ਲਿਆ ਗਿਆ ਹੈ। ਤਣਾਅ ਨੂੰ ਦੇਖਦੇ ਹੋਏ ਉੱਚ ਅਧਿਕਾਰੀਆਂ ਵੱਲੋਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।
ਇਸ ਘਟਨਾ ਨੇ ਨਾ ਸਿਰਫ਼ ਸੁਲਤਾਨਪੁਰ ਲੋਧੀ, ਸਗੋਂ ਪੂਰੇ ਕਪੂਰਥਲਾ ਜ਼ਿਲ੍ਹੇ ਦੇ ਸਿਆਸੀ ਮਾਹੌਲ ਨੂੰ ਹਿਲਾ ਕੇ ਰੱਖ ਦਿੱਤਾ ਹੈ। ਚੋਣ ਦੌਰਾਨ ਹੋਈ ਹਿੰਸਾ ਅਤੇ ਲਗੇ ਦੋਸ਼ਾਂ ਨੇ ਲੋਕਤੰਤਰਕ ਪ੍ਰਕਿਰਿਆ ‘ਤੇ ਵੀ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਦੇ ਵੱਡੇ ਸਿਆਸੀ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਹਨ।

Post a Comment

Previous Post Next Post